ਮਨਪ੍ਰੀਤ ਸਿੰਘ ਇਆਲੀ ‘ਅਕਾਲੀ ਦਲ ਵਾਰਸ ਪੰਜਾਬ’ ਵਿੱਚ ਸ਼ਾਮਲ

ਚੰਡੀਗੜ੍ਹ, 9 ਜੂਨ (ਵਿਸ਼ੇਸ਼ ਪ੍ਰਤੀਨਿਧ): ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਅਹਿਮ ਮੋੜ ਆਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਰਸਮੀ ਤੌਰ ’ਤੇ ਨਵੀਂ ਬਣੀ ਪਾਰਟੀ ‘ਅਕਾਲੀ ਦਲ ਵਾਰਸ ਪੰਜਾਬ’ ਵਿੱਚ ਸ਼ਾਮਲ ਹੋ ਗਏ।

ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਮਨਪ੍ਰੀਤ ਸਿੰਘ ਇਆਲੀ ਨੂੰ ਸਿਰੋਪਾਓ ਭੇਟ ਕਰਕੇ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਬੋਲਦਿਆਂ ਆਗੂਆਂ ਨੇ ਪੰਜਾਬ ਦੇ ਹੱਕਾਂ, ਪੰਥਕ ਮੁੱਦਿਆਂ ਅਤੇ ਲੋਕਾਂ ਦੀਆਂ ਭਾਵਨਾਵਾਂ ਦੀ ਨੁਮਾਇੰਦਗੀ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਅਹਿਦ ਪ੍ਰਗਟਾਇਆ।

ਇਸ ਮੌਕੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮਨਪ੍ਰੀਤ ਸਿੰਘ ਇਆਲੀ ਦੇ ਇਸ ਫ਼ੈਸਲੇ ਨੂੰ ਪੰਜਾਬ ਦੀ ਮੌਜੂਦਾ ਸਿਆਸਤ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਸੂਬੇ ਦੀਆਂ ਸਿਆਸੀ ਸਮੀਕਰਨਾਂ ’ਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।