ਬਠਿੰਡਾ ਵਿਚ ਭਾਜਪਾ ਆਗੂ ਦੇ ਕਲੀਨਿਕ ’ਤੇ ਪੈਟਰੋਲ ਬੰਬ ਨਾਲ ਹਮਲਾ
ਮੁੱਖ ਮੰਤਰੀ ਦੀ ਫੇਰੀ ਦੌਰਾਨ ਵਾਪਰੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ ’ਤੇ ਖੜ੍ਹੇ ਕੀਤੇ ਸਵਾਲ

ਬਠਿੰਡਾ, 23 ਜੂਨ (ਵਿਸ਼ੇਸ਼ ਪ੍ਰਤੀਨਿਧ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬਠਿੰਡਾ ਫੇਰੀ ਦੌਰਾਨ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਵਿਚਕਾਰ ਬੀਤੀ ਦੇਰ ਸ਼ਾਮ ਸ਼ਹਿਰ ਦੀ ਮੇਲਾਂ ਰਾਮ ਰੋਡ ’ਤੇ ਸਥਿਤ ਭਾਜਪਾ ਆਗੂ ਡਾ. ਤਰਸੇਮ ਗਰਗ ਦੇ ਕਲੀਨਿਕ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨਾਂ ਵੱਲੋਂ ਸੁੱਟਿਆ ਗਿਆ ਪੈਟਰੋਲ ਬੰਬ ਕਲੀਨਿਕ ਦੀ ਇੱਕ ਖਿੜਕੀ ਨਾਲ ਜਾ ਟਕਰਾਇਆ, ਜਿਸ ਕਾਰਨ ਉੱਥੇ ਸੜਨ ਦੇ ਨਿਸ਼ਾਨ ਪੈ ਗਏ। ਧਮਾਕੇ ਕਾਰਨ ਕਲੀਨਿਕ ਦੇ ਵੇਹੜੇ ਵਿੱਚ ਖੜ੍ਹੀ ਇੱਕ ਸਕੂਟਰੀ ਅਤੇ ਕੁਝ ਪੌਦਿਆਂ ਨੂੰ ਵੀ ਨੁਕਸਾਨ ਪੁੱਜਿਆ। ਘਟਨਾ ਵਾਲੀ ਥਾਂ ਦੇ ਨੇੜੇ ਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦਾ ਮੁਕਾਮੀ ਦਫ਼ਤਰ ਵੀ ਸਥਿਤ ਹੈ, ਜਿਸ ਦਾ ਕੁਝ ਦਿਨ ਪਹਿਲਾਂ ਹੀ ਉਦਘਾਟਨ ਹੋਇਆ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਹਰਜੀਤ ਸਿੰਘ, ਐੱਸ.ਐੱਸ.ਪੀ. ਜਯੋਤੀ ਯਾਦਵ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਫਰੈਂਸਿਕ ਮਾਹਿਰਾਂ ਦੀਆਂ ਟੀਮਾਂ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਾ. ਤਰਸੇਮ ਗਰਗ ਨੇ ਦੱਸਿਆ ਕਿ ਘਟਨਾ ਸਮੇਂ ਕਲੀਨਿਕ ਵਿੱਚ ਦੋ ਮੁਲਾਜ਼ਮ ਮੌਜੂਦ ਸਨ। ਧਮਾਕੇ ਅਤੇ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਦੋ ਨੌਜਵਾਨ ਪੈਟਰੋਲ ਬੰਬ ਨੂੰ ਅੱਗ ਲਗਾ ਕੇ ਕਲੀਨਿਕ ਵੱਲ ਸੁੱਟਦੇ ਹੋਏ ਸਪੱਸ਼ਟ ਦਿਖਾਈ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ ਡਾ. ਤਰਸੇਮ ਗਰਗ ਦਾ ਪਰਿਵਾਰ ਹਾਲ ਹੀ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਇਸ ਘਟਨਾ ਨੇ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਛੇੜ ਦਿੱਤੀ ਹੈ।

ਉੱਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਰਾਤ ਹੀ ਬਠਿੰਡਾ ਪਹੁੰਚ ਗਏ ਸਨ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਤਿੰਨ ਵੱਖ-ਵੱਖ ਪ੍ਰੋਗਰਾਮ ਨਿਰਧਾਰਤ ਹਨ। ਮੁੱਖ ਮੰਤਰੀ ਦੀ ਮੌਜੂਦਗੀ ਅਤੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਅਤਿ-ਸੁਰੱਖਿਅਤ ਖੇਤਰ ਦੇ ਨੇੜੇ ਵਾਪਰੀ ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।