ਬੁਢਾਪੇ ਵੱਲ ਵੱਧ ਰਹੇ ਪੰਜਾਬ ਲਈ ਖਤਰੇ ਦੀ ਘੰਟੀ
ਘਟਦੀ ਜਨਮ ਦਰ ਤੇ ਵਿਦੇਸ਼ਾਂ ਵੱਲ ਪਰਵਾਸ ਬਣੇ ਵੱਡੀ ਚਿੰਤਾ
ਪਟਿਆਲਾ 11 ਜੁਲਾਈ: ਵਿਸ਼ਵ ਜਨਸੰਖਿਆ ਦਿਵਸ ਮੌਕੇ ਜਾਰੀ ਕੀਤੇ ਗਏ ਅੰਕੜਿਆਂ ਨੇ ਪੰਜਾਬ ਲਈ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਘਟਦੀ ਜਨਮ ਦਰ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਲਗਾਤਾਰ ਪਰਵਾਸ ਅਤੇ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਕਾਰਨ ਪੰਜਾਬ ਤੇਜ਼ੀ ਨਾਲ ਬੁੱਢੇ ਸਮਾਜ ਵੱਲ ਵਧ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਮੌਤ ਦਰ ਵੀ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਧੀ ਹੈ।
ਅੰਕੜਿਆਂ ਅਨੁਸਾਰ ਸਾਲ 2012-14 ਤੋਂ 2022-24 ਦੇ ਦਰਮਿਆਨ ਪੰਜਾਬ ਦੀ ਮੌਤ ਦਰ 6.6 ਤੋਂ ਵੱਧ ਕੇ 7.6 ਹੋ ਗਈ ਹੈ, ਜੋ 15.2 ਫ਼ੀਸਦੀ ਦਾ ਵਾਧਾ ਦਰਸਾਉਂਦੀ ਹੈ। ਇਹ ਵਾਧਾ ਦੇਸ਼ ਦੇ ਸਾਰੇ ਸੂਬਿਆਂ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਹਰਿਆਣਾ ਵਿੱਚ 11.1 ਫ਼ੀਸਦੀ, ਛੱਤੀਸਗੜ੍ਹ ਵਿੱਚ 10.3 ਫ਼ੀਸਦੀ ਅਤੇ ਦਿੱਲੀ ਵਿੱਚ 9.8 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
ਰਿਪੋਰਟ ਅਨੁਸਾਰ ਪੰਜਾਬ ਵਿੱਚ ਕੁੱਲ ਪ੍ਰਜਨਨ ਦਰ (TFR) 1.6 ਰਹਿ ਗਈ ਹੈ, ਜੋ ਆਬਾਦੀ ਨੂੰ ਸਥਿਰ ਰੱਖਣ ਲਈ ਲੋੜੀਂਦੀ 2.1 ਦੀ ਦਰ ਤੋਂ ਕਾਫ਼ੀ ਘੱਟ ਹੈ। ਇਸ ਕਾਰਨ ਆਉਣ ਵਾਲੇ ਸਾਲਾਂ ਵਿੱਚ ਨੌਜਵਾਨ ਆਬਾਦੀ ਦਾ ਹਿੱਸਾ ਹੋਰ ਘਟਣ ਅਤੇ ਬਜ਼ੁਰਗਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਅੰਕੜੇ ਇਹ ਵੀ ਦੱਸਦੇ ਹਨ ਕਿ ਪੰਜਾਬ ਵਿੱਚ 67.4 ਫ਼ੀਸਦੀ ਬੱਚਿਆਂ ਦਾ ਜਨਮ ਇੱਕ ਜਾਂ ਦੋ ਬੱਚਿਆਂ ਵਾਲੇ ਪਰਿਵਾਰਾਂ ਵਿੱਚ ਹੋ ਰਿਹਾ ਹੈ, ਜਦਕਿ 1.4 ਫ਼ੀਸਦੀ ਬੱਚੇ ਇਕੱਲੇ ਬੱਚੇ ਵਾਲੇ ਪਰਿਵਾਰਾਂ ਵਿੱਚ ਜਨਮ ਲੈ ਰਹੇ ਹਨ। ਛੋਟੇ ਪਰਿਵਾਰਾਂ ਦਾ ਵਧਦਾ ਰੁਝਾਨ ਵੀ ਜਨਮ ਦਰ ਵਿੱਚ ਕਮੀ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਰਿਪੋਰਟ ਮੁਤਾਬਕ ਪੰਜਾਬ ਦੀ ਔਸਤ ਉਮਰ ਕਰੀਬ 39 ਸਾਲ ਹੋ ਚੁੱਕੀ ਹੈ, ਜਦਕਿ ਜੀਵਨ ਉਮੀਦ ਲਗਭਗ 75.8 ਸਾਲ ਹੈ। ਸੂਬੇ ਦੀ 60 ਸਾਲ ਤੋਂ ਵੱਧ ਉਮਰ ਦੀ ਆਬਾਦੀ ਲਗਭਗ 16.1 ਫ਼ੀਸਦੀ ਤੱਕ ਪਹੁੰਚ ਚੁੱਕੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਘਟਦੀ ਜਨਮ ਦਰ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪਰਵਾਸ ਅਤੇ ਲੋਕਾਂ ਦੀ ਵੱਧਦੀ ਉਮਰ ਕਾਰਨ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਬਜ਼ੁਰਗਾਂ ਦੀ ਸਿਹਤ ਸੰਭਾਲ, ਸਮਾਜਿਕ ਸੁਰੱਖਿਆ, ਪੈਨਸ਼ਨ ਅਤੇ ਕਰਮਚਾਰੀਆਂ ਦੀ ਘਾਟ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਰਕਾਰ ਨੂੰ ਹੁਣ ਤੋਂ ਹੀ ਲੰਬੇ ਸਮੇਂ ਦੀ ਯੋਜਨਾ ਬਣਾਉਣ ਦੀ ਲੋੜ ਹੈ ਤਾਂ ਜੋ ਬਦਲ ਰਹੇ ਜਨਸੰਖਿਆ ਢਾਂਚੇ ਦੇ ਪ੍ਰਭਾਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।