ਵਿਗਿਆਨਕ ਆਧਾਰ ਨਾ ਮਿਲਣ 'ਤੇ ਕੇਂਦਰ ਸਰਕਾਰ ਨੇ 16 ਦਵਾਈਆਂ 'ਤੇ ਲਗਾਈ ਪਾਬੰਦੀ
ਨਵੀਂ ਦਿੱਲੀ, 21 ਜੂਨ - ਮਰੀਜ਼ਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ 16 ਫਿਕਸਡ-ਡੋਜ਼ ਕੰਬੀਨੇਸ਼ਨ (FDC) ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਦੀ ਪ੍ਰਭਾਵਸ਼ੀਲਤਾ ਅਤੇ ਸੁਰੱਖਿਆ ਸਬੰਧੀ ਕੋਈ ਢੁਕਵਾਂ ਵਿਗਿਆਨਕ ਸਬੂਤ ਉਪਲਬਧ ਨਹੀਂ ਹੈ ਅਤੇ ਇਨ੍ਹਾਂ ਦੀ ਵਰਤੋਂ ਮਰੀਜ਼ਾਂ ਲਈ ਖ਼ਤਰਾ ਬਣ ਸਕਦੀ ਹੈ।
ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਦੀ ਧਾਰਾ 26ਏ ਤਹਿਤ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਾਬੰਦੀਸ਼ੁਦਾ ਦਵਾਈਆਂ ਵਿੱਚ ਕੁਝ ਆਮ ਤੌਰ 'ਤੇ ਵਰਤੇ ਜਾਣ ਵਾਲੇ ਦਰਦ ਨਿਵਾਰਕ, ਐਂਟੀਬਾਇਓਟਿਕ ਅਤੇ ਚਮੜੀ ਸੰਬੰਧੀ ਉਤਪਾਦ ਸ਼ਾਮਲ ਹਨ।
ਮੰਤਰਾਲੇ ਅਨੁਸਾਰ ਮਾਹਿਰ ਕਮੇਟੀ ਨੇ ਸਾਲ 2021 ਤੋਂ ਇਨ੍ਹਾਂ ਦਵਾਈਆਂ ਦੀ ਜਾਂਚ ਕੀਤੀ ਸੀ। ਸਮੀਖਿਆ ਦੌਰਾਨ ਪਤਾ ਲੱਗਾ ਕਿ ਕਈ ਦਵਾਈਆਂ ਵਿੱਚ ਮਿਲਾਏ ਗਏ ਸਾਲਟਾਂ ਦੇ ਸੁਮੇਲ ਦੀ ਕੋਈ ਤਰਕਸੰਗਤ ਜਾਂ ਕਲੀਨਿਕਲ ਲੋੜ ਸਾਬਤ ਨਹੀਂ ਹੁੰਦੀ। ਕਮੇਟੀ ਨੇ ਖ਼ਾਸ ਕਰਕੇ ਕੁਝ ਐਂਟੀਬਾਇਓਟਿਕ ਅਤੇ ਐਨਜ਼ਾਈਮ ਆਧਾਰਿਤ ਦਵਾਈਆਂ ਨੂੰ ਮਿਆਰੀ ਇਲਾਜ ਦਿਸ਼ਾ-ਨਿਰਦੇਸ਼ਾਂ ਦੇ ਉਲਟ ਕਰਾਰ ਦਿੱਤਾ।
ਮਾਹਿਰਾਂ ਨੇ ਕਿਹਾ ਕਿ ਇਨ੍ਹਾਂ ਦਵਾਈਆਂ ਦੇ ਲਾਭਾਂ ਸਬੰਧੀ ਕੋਈ ਪੱਕੇ ਵਿਗਿਆਨਕ ਸਬੂਤ ਮੌਜੂਦ ਨਹੀਂ ਹਨ, ਜਦਕਿ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਲੋਕ ਸਿਹਤ ਦੇ ਹਿੱਤ ਵਿੱਚ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਭਾਰਤ
ਵਿਗਿਆਨਕ ਆਧਾਰ ਨਾ ਮਿਲਣ 'ਤੇ ਕੇਂਦਰ ਸਰਕਾਰ ਨੇ 16 ਦਵਾਈਆਂ 'ਤੇ ਲਗਾਈ ਪਾਬੰਦੀ
ਵਿਗਿਆਨਕ ਆਧਾਰ ਨਾ ਮਿਲਣ 'ਤੇ ਕੇਂਦਰ ਸਰਕਾਰ ਨੇ 16 ਦਵਾਈਆਂ 'ਤੇ ਲਗਾਈ ਪਾਬੰਦੀ