ਸ਼ਾਹਰੁਖ ਖਾਨ ਨੇ , ਅਮਰੀਕਾ ’ਚ ਨਵਾ ਕ੍ਰਿਕਟ ਸਟੇਡੀਅਮ ਬਣਾਇਆ
ਮੁੰਬਈ/ਲਾਸ ਏਂਜਲਸ, 8 ਜੁਲਾਈ – ਬਾਲੀਵੁੱਡ ਅਦਾਕਾਰ ਅਤੇ ਨਾਈਟ ਰਾਈਡਰਜ਼ ਗਰੁੱਪ ਦੇ ਸਹਿ-ਮਾਲਕ ਸ਼ਾਹਰੁਖ ਖਾਨ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਪੋਮੋਨਾ ਸ਼ਹਿਰ ਵਿੱਚ ਲਾਸ ਏਂਜਲਸ ਨਾਈਟ ਰਾਈਡਰਜ਼ ਦੇ ਨਵੇਂ ਕ੍ਰਿਕਟ ਮੈਦਾਨ ਦਾ ਰਸਮੀ ਉਦਘਾਟਨ ਕੀਤਾ। ਇਹ ਸਟੇਡੀਅਮ ਅਮਰੀਕਾ ਵਿੱਚ ਕ੍ਰਿਕਟ ਨੂੰ ਨਵੀਂ ਪਹਿਚਾਣ ਦੇਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਉਦਘਾਟਨ ਮੌਕੇ ਸ਼ਾਹਰੁਖ ਖਾਨ ਨੇ ਕਿਹਾ ਕਿ ਇਹ ਸਿਰਫ਼ ਇੱਕ ਸਟੇਡੀਅਮ ਨਹੀਂ, ਸਗੋਂ ਕ੍ਰਿਕਟ ਪ੍ਰੇਮੀਆਂ ਲਈ ਇੱਕ ਨਵਾਂ ਕੇਂਦਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਅਮਰੀਕਾ ਵਿੱਚ ਵੀ ਵਿਸ਼ਵ-ਪੱਧਰੀ ਕ੍ਰਿਕਟ ਢਾਂਚਾ ਤਿਆਰ ਹੋਵੇ, ਜੋ ਹੁਣ ਸਾਕਾਰ ਹੋ ਰਿਹਾ ਹੈ।
ਇਹ ਮੈਦਾਨ ਮੇਜਰ ਲੀਗ ਕ੍ਰਿਕਟ ਵਿੱਚ ਲਾਸ ਏਂਜਲਸ ਨਾਈਟ ਰਾਈਡਰਜ਼ ਦੀ ਮੇਜ਼ਬਾਨੀ ਕਰੇਗਾ ਅਤੇ 2028 ਵਿੱਚ ਲਾਸ ਏਂਜਲਸ ਓਲੰਪਿਕ ਵਿੱਚ ਕ੍ਰਿਕਟ ਮੁਕਾਬਲਿਆਂ ਦੀਆਂ ਤਿਆਰੀਆਂ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ। ਸਟੇਡੀਅਮ ਵਿੱਚ ਆਧੁਨਿਕ ਸਹੂਲਤਾਂ, ਫਲੱਡ ਲਾਈਟਾਂ ਅਤੇ ਅੰਤਰਰਾਸ਼ਟਰੀ ਮਿਆਰ ਦੀਆਂ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ।
ਸ਼ਾਹਰੁਖ ਖਾਨ ਦੇ ਇਸ ਕਦਮ ਨੂੰ ਅਮਰੀਕਾ ਵਿੱਚ ਕ੍ਰਿਕਟ ਦੇ ਵਧਦੇ ਪ੍ਰਭਾਵ ਅਤੇ ਵਿਸ਼ਵ ਪੱਧਰ ’ਤੇ ਖੇਡ ਦੇ ਵਿਸਥਾਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਦੇਖਿਆ ਜਾ ਰਿਹਾ ਹੈ।