1. ਬੱਕਰੀਆਂ ਨੂੰ ਬਚਾਉਣਾ ਪਿਆ ਮਹਿੰਗਾ, ਅਮਰੀਕਾ ’ਚ ਪੰਜਾਬੀ ਵਕੀਲ ਵਿਰੁੱਧ ਅਪਰਾਧਿਕ ਕੇਸ ਦਰਜ


ਚੰਡੀਗੜ , 8 ਜੁਲਾਈ – ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪੰਜਾਬੀ ਮੂਲ ਦੇ ਸਿੱਖ ਵਕੀਲ ਅਤੇ ਜਾਨਵਰ ਅਧਿਕਾਰ ਕਾਰਕੁਨ ਤਜਿੰਦਰ ਸਿੰਘ ਉਰਫ਼ ਤਾਜ ਉੱਪਲ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਖ਼ਿਲਾਫ਼ ਦੋ ਬੱਕਰੀਆਂ ਨੂੰ ਇੱਕ ਨਿੱਜੀ ਫਾਰਮ ਤੋਂ ਲਿਜਾਣ ਦੇ ਦੋਸ਼ ਹੇਠ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ ਇਸ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਇਹ ਮਾਮਲਾ 27 ਮਈ 2025 ਨੂੰ ਕੈਲੀਫੋਰਨੀਆ ਦੇ ਸਟ੍ਰੈਟਫੋਰਡ ਖੇਤਰ ਵਿੱਚ ਵਾਪਰੀ ਘਟਨਾ ਨਾਲ ਸਬੰਧਿਤ ਹੈ। ਦੋਸ਼ ਹੈ ਕਿ ਤਾਜ ਉੱਪਲ ਅਤੇ ਹੋਰ ਕਾਰਕੁਨ ਇੱਕ ਨਿੱਜੀ ਬੱਕਰੀ ਫਾਰਮ ਵਿੱਚ ਦਾਖ਼ਲ ਹੋਏ ਅਤੇ ਉੱਥੋਂ ਦੋ ਬੱਕਰੀਆਂ ਆਪਣੇ ਨਾਲ ਲੈ ਗਏ। ਜਾਂਚ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਜਾਨਵਰਾਂ ਦਾ ਬਚਾਅ ਨਹੀਂ, ਸਗੋਂ ਚੋਰੀ, ਘੁਸਪੈਠ ਅਤੇ ਸਾਜ਼ਿਸ਼ ਦਾ ਮਾਮਲਾ ਕਰਾਰ ਦਿੰਦਿਆਂ ਕੇਸ ਦਰਜ ਕੀਤਾ ਹੈ।

ਦੂਜੇ ਪਾਸੇ ਤਾਜ ਉੱਪਲ ਅਤੇ ਉਨ੍ਹਾਂ ਨਾਲ ਜੁੜੀ ਜਾਨਵਰ ਅਧਿਕਾਰ ਸੰਸਥਾ ਦਾ ਕਹਿਣਾ ਹੈ ਕਿ ਫਾਰਮ ਵਿੱਚ ਜਾਨਵਰਾਂ ਦੀ ਹਾਲਤ ਬਹੁਤ ਤਰਸਯੋਗ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਉੱਥੇ ਕਈ ਜਾਨਵਰ ਬਿਮਾਰ ਸਨ, ਕੁਝ ਮਰੇ ਹੋਏ ਪਏ ਸਨ ਅਤੇ ਮਾਵਾਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਕੀਤਾ ਗਿਆ ਸੀ। ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ਼ ਪੀੜਤ ਜਾਨਵਰਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਸੀ, ਨਾ ਕਿ ਕਿਸੇ ਕਿਸਮ ਦੀ ਚੋਰੀ ਕਰਨਾ।

ਕਿੰਗਜ਼ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਤਾਜ ਉੱਪਲ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪਸ਼ੂਆਂ ਦੀ ਚੋਰੀ, ਘੁਸਪੈਠ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਕਈ ਦੋਸ਼ ਲਗਾਏ ਹਨ। ਜੇਕਰ ਅਦਾਲਤ ਵਿੱਚ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਮੁਲਜ਼ਮਾਂ ਨੂੰ ਛੇ ਸਾਲ ਤੱਕ ਦੀ ਕੈਦ ਹੋ ਸਕਦੀ ਹੈ।

ਸਾਰੇ ਮੁਲਜ਼ਮਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਆਪਣਾ ਪੱਖ ਪੂਰੀ ਮਜ਼ਬੂਤੀ ਨਾਲ ਰੱਖਣਗੇ। ਇਸ ਮਾਮਲੇ ਨੇ ਅਮਰੀਕਾ ਵਿੱਚ ਜਾਨਵਰਾਂ ਦੇ ਅਧਿਕਾਰਾਂ ਅਤੇ ਨਿੱਜੀ ਸੰਪਤੀ ਨਾਲ ਸਬੰਧਿਤ ਕਾਨੂੰਨਾਂ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ।