ਸਹਿਮਤੀ ਨਾਲ ਬਣੇ ਸਬੰਧਾਂ ਨੂੰ ਚਰਿੱਤਰ ਨਾਲ ਨਾ ਜੋੜਿਆ ਜਾਵੇ: ਸੁਪਰੀਮ ਕੋਰਟ


 

ਨਵੀਂ ਦਿੱਲੀ, 9 ਜੂਨ (ਏਜੰਸੀ) – ਸੁਪਰੀਮ ਕੋਰਟ ਨੇ ਨਿੱਜਤਾ ਅਤੇ ਨਿੱਜੀ ਸਬੰਧਾਂ ਨਾਲ ਜੁੜੇ ਇੱਕ ਅਹਿਮ ਫ਼ੈਸਲੇ ਵਿੱਚ ਕਿਹਾ ਹੈ ਕਿ ਦੋ ਬਾਲਗ ਅਤੇ ਅਣਵਿਆਹੇ ਵਿਅਕਤੀਆਂ ਵੱਲੋਂ ਆਪਸੀ ਸਹਿਮਤੀ ਨਾਲ ਬਣਾਏ ਗਏ ਸਰੀਰਕ ਸਬੰਧਾਂ ਨੂੰ ਕਿਸੇ ਦੇ ਚਰਿੱਤਰ ਬਾਰੇ ਨਕਾਰਾਤਮਕ ਧਾਰਨਾ ਬਣਾਉਣ ਦਾ ਆਧਾਰ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਦੇਸ਼ ਦੇ ਕਾਨੂੰਨਾਂ ਅਧੀਨ ਦੋ ਸਹਿਮਤ ਬਾਲਗਾਂ ਨੂੰ ਆਪਣੀ ਮਰਜ਼ੀ ਅਨੁਸਾਰ ਸਬੰਧ ਬਣਾਉਣ ਤੋਂ ਰੋਕਣ ਵਾਲਾ ਕੋਈ ਪ੍ਰਬੰਧ ਨਹੀਂ ਹੈ।


 

ਜਸਟਿਸ ਮਨਮੋਹਨ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਟਿੱਪਣੀਆਂ ਤਿਲੰਗਾਨਾ ਰਾਜ ਪੱਧਰੀ ਪੁਲੀਸ ਭਰਤੀ ਬੋਰਡ ਨੂੰ ਇੱਕ ਉਮੀਦਵਾਰ ਨੂੰ ਪੁਲੀਸ ਕਾਂਸਟੇਬਲ ਦੇ ਅਹੁਦੇ ’ਤੇ ਨਿਯੁਕਤ ਕਰਨ ਦੇ ਨਿਰਦੇਸ਼ ਜਾਰੀ ਕਰਦਿਆਂ ਕੀਤੀਆਂ।


 

ਮਾਮਲੇ ਅਨੁਸਾਰ ਉਕਤ ਉਮੀਦਵਾਰ ਦੀ ਚੋਣ ‘ਸਟਾਈਪੈਂਡਰੀ ਕੈਡੇਟ ਟਰੇਨੀ ਪੁਲੀਸ ਕਾਂਸਟੇਬਲ’ ਵਜੋਂ ਹੋਈ ਸੀ, ਪਰ ਭਰਤੀ ਬੋਰਡ ਨੇ ਉਸ ਦੀ ਨਿਯੁਕਤੀ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਸਾਲ 2014 ਦੌਰਾਨ ਉਸ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਹੋਇਆ ਸੀ, ਜੋ ਕਥਿਤ ਤੌਰ ’ਤੇ ‘ਨੈਤਿਕ ਨਿਘਾਰ’ ਨੂੰ ਦਰਸਾਉਂਦਾ ਹੈ। ਇਹ ਮਾਮਲਾ ਇੱਕ ਗੁਆਂਢੀ ਲੜਕੀ ਨਾਲ ਰਹੇ ਪ੍ਰੇਮ ਸਬੰਧਾਂ ਦੇ ਟੁੱਟਣ ਤੋਂ ਬਾਅਦ ਸਾਹਮਣੇ ਆਇਆ ਸੀ।


 

ਉਮੀਦਵਾਰ ਵੱਲੋਂ ਇਸ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਅਪੀਲ ਮਨਜ਼ੂਰ ਕਰਦਿਆਂ ਤਿਲੰਗਾਨਾ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਉਸ ਹੁਕਮ ਨੂੰ ਕਾਇਮ ਰੱਖਿਆ, ਜਿਸ ਵਿੱਚ ਉਮੀਦਵਾਰ ਦੀ ਨਿਯੁਕਤੀ ਬਾਰੇ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਸੀ।


 

ਸਿਖਰਲੀ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਦੋ ਸਹਿਮਤ ਅਤੇ ਅਣਵਿਆਹੇ ਬਾਲਗਾਂ ਵਿਚਕਾਰ ਬਣੇ ਸਬੰਧਾਂ ਨੂੰ ਕਿਸੇ ਵਿਅਕਤੀ ਦੇ ਚਰਿੱਤਰ ਨਾਲ ਜੋੜਨਾ ਉਚਿਤ ਨਹੀਂ ਹੈ। ਅਦਾਲਤ ਨੇ ਟਿੱਪਣੀ ਕੀਤੀ ਕਿ ਬਾਲਗਾਂ ਦੇ ਆਪਸੀ ਸਬੰਧਾਂ ਨੂੰ ਉਨ੍ਹਾਂ ਦੇ ਚਰਿੱਤਰ ਹਨਨ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ ਅਤੇ ਅਜਿਹੇ ਮਾਮਲਿਆਂ ਦਾ ਮੁਲਾਂਕਣ ਕਾਨੂੰਨੀ ਅਤੇ ਤੱਥਾਤਮਕ ਆਧਾਰ ’ਤੇ ਹੀ ਕੀਤਾ ਜਾਣਾ ਚਾਹੀਦਾ ਹੈ।