ਅਕਾਲੀ ਦਲ ਪੁਨਰ ਸੁਰਜੀਤ ਵਿੱਚ ਮੁੜ ਉੱਠੇ ਮਤਭੇਦ, ਝੂੰਦਾ ਤੇ ਉਮੈਦਪੁਰੀ ਨੇ ਲੀਡਰਸ਼ਿਪ ’ਤੇ ਚੁੱਕੇ ਸਵਾਲ
ਅਮਰਗੜ੍ਹ, 25 ਜੂਨ: ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਇੱਕ ਵਾਰ ਫਿਰ ਅੰਦਰੂਨੀ ਮਤਭੇਦ ਸਾਹਮਣੇ ਆ ਗਏ ਹਨ। ਪਾਰਟੀ ਦੇ ਆਗੂ ਇਕਬਾਲ ਸਿੰਘ ਝੂੰਦਾ ਅਤੇ ਸੰਤਾਂ ਸਿੰਘ ਉਮੈਦਪੁਰੀ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਪਾਰਟੀ ਦੀ ਕਾਰਜਸ਼ੈਲੀ ਅਤੇ ਲੀਡਰਸ਼ਿਪ ’ਤੇ ਸਵਾਲ ਉਠਾਏ ਹਨ।
ਦੋਵੇਂ ਆਗੂਆਂ ਨੇ ਪੰਥਕ ਕੌਂਸਲ ਦੀ ਮੁਖੀ ਬੀਬੀ ਸਤਵੰਤ ਕੌਰ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਮੁੱਢਲੇ ਉਦੇਸ਼ਾਂ ਵੱਲ ਲੈ ਜਾਣ ਲਈ ਸਰਗਰਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਪਾਰਟੀ ਦੇ ਗਠਨ ਵੇਲੇ ਇਹ ਸਹਿਮਤੀ ਬਣੀ ਸੀ ਕਿ ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਕੇ ਪੰਥਕ ਏਕਤਾ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਸਾਂਝੀ ਲੀਡਰਸ਼ਿਪ ਖੜ੍ਹੀ ਕੀਤੀ ਜਾਵੇਗੀ, ਪਰ ਪਿਛਲੇ ਦਸ ਮਹੀਨਿਆਂ ਦੌਰਾਨ ਇਸ ਦਿਸ਼ਾ ਵਿੱਚ ਕੋਈ ਠੋਸ ਪ੍ਰਗਤੀ ਨਹੀਂ ਹੋਈ।
ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਮੌਜੂਦਾ ਲੀਡਰਸ਼ਿਪ ਭਾਜਪਾ ਨਾਲ ਨੇੜਤਾ ਵਧਾਉਣ ਦੇ ਯਤਨਾਂ ਵਿੱਚ ਲੱਗੀ ਹੋਈ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈਆਂ ਮੀਟਿੰਗਾਂ ਰਾਹੀਂ ਰਾਜਨੀਤਿਕ ਸਮਝੌਤੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਕਦਮ ਦਾ ਪੁਰਜ਼ੋਰ ਵਿਰੋਧ ਕਰਦੇ ਹਨ।
ਬਿਆਨ ਵਿੱਚ ਬੀਬੀ ਸਤਵੰਤ ਕੌਰ ਨੂੰ ਅਪੀਲ ਕੀਤੀ ਗਈ ਕਿ ਉਹ ਪੰਥਕ ਹਿੱਤਾਂ ਦੀ ਰਾਖੀ ਨੂੰ ਪਹਿਲ ਦੇਣ, ਪੰਥਕ ਏਕਤਾ ਲਈ ਪਹਿਲਕਦਮੀ ਕਰਨ ਅਤੇ ਪਾਰਟੀ ਨੂੰ ਆਪਣੇ ਅਸਲ ਸਿਧਾਂਤਾਂ ਅਨੁਸਾਰ ਅੱਗੇ ਲੈ ਕੇ ਜਾਣ ਲਈ ਯੋਗ ਭੂਮਿਕਾ ਨਿਭਾਉਣ।