NEET ਮੁੜ-ਪ੍ਰੀਖਿਆ ਦੌਰਾਨ ਹਾਈਟੈਕ ‘ਸੌਲਵਰ ਗੈਂਗ’ ਬੇਨਕਾਬ, 24 ਗ੍ਰਿਫ਼ਤਾਰ

ਪਟਨਾ, 22 ਜੂਨ - ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਦਾਖ਼ਲਾ ਪ੍ਰੀਖਿਆ NEET ਨਾਲ ਜੁੜੀਆਂ ਬੇਨਿਯਮੀਆਂ ਨੂੰ ਰੋਕਣ ਲਈ ਚੱਲ ਰਹੀ ਕਾਰਵਾਈ ਦੌਰਾਨ ਬਿਹਾਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਪ੍ਰੀਖਿਆਵਾਂ ਵਿੱਚ ਨਕਲ ਕਰਵਾਉਣ ਅਤੇ ਅਸਲੀ ਉਮੀਦਵਾਰਾਂ ਦੀ ਥਾਂ ਨਕਲੀ ਉਮੀਦਵਾਰ ਬਿਠਾਉਣ ਵਾਲੇ ਇੱਕ ਹਾਈਟੈਕ ‘ਸੌਲਵਰ ਗੈਂਗ’ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਲਖੀਸਰਾਏ ਜ਼ਿਲ੍ਹੇ ਵਿੱਚ ਕੀਤੀ ਛਾਪੇਮਾਰੀ ਦੌਰਾਨ ਗੈਂਗ ਦੇ ਸਰਗਣਾ ਸਮੇਤ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 5 ਮੈਡੀਕਲ ਵਿਦਿਆਰਥੀ ਅਤੇ ਬਾਇਓਮੈਟ੍ਰਿਕ ਤਸਦੀਕ ਕਰਨ ਵਾਲੀ ਕੰਪਨੀ ਦੇ 14 ਕਰਮਚਾਰੀ ਵੀ ਸ਼ਾਮਲ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਕਰਮਚਾਰੀ ਪੈਸਿਆਂ ਦੇ ਬਦਲੇ ਅਸਲੀ ਉਮੀਦਵਾਰਾਂ ਦੀ ਥਾਂ ਪ੍ਰੀਖਿਆ ਦੇਣ ਆਉਣ ਵਾਲੇ ਨਕਲੀ ਉਮੀਦਵਾਰਾਂ ਦੀ ਬਾਇਓਮੈਟ੍ਰਿਕ ਜਾਂਚ ਨੂੰ ਕਲੀਅਰ ਕਰਵਾ ਦਿੰਦੇ ਸਨ।

ਮੁੱਢਲੀ ਪੁੱਛਗਿੱਛ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਗਿਰੋਹ ਦਾ ਮੁੱਖ ਸਰਗਣਾ ਅਰਪਿਤ ਰਾਜ ਹੈ, ਜੋ ਗਯਾ ਸਥਿਤ ਅੰਨਪੂਰਣਾ ਨਾਰਾਇਣ ਮਗਧ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਪੁਲਿਸ ਰਿਕਾਰਡ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਸ ਦਾ ਨਾਮ ਪਹਿਲਾਂ ਵੀ NEET ਨਾਲ ਸਬੰਧਤ ਵਿਵਾਦਾਂ ਵਿੱਚ ਸਾਹਮਣੇ ਆ ਚੁੱਕਾ ਹੈ। ਸਾਲ 2024 ਦੇ ਚਰਚਿਤ NEET ਪੇਪਰ ਲੀਕ ਮਾਮਲੇ ਵਿੱਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਵੱਲੋਂ ਵੀ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਗਿਰੋਹ ਪੂਰੀ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਿਹਾ ਸੀ ਅਤੇ ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਪ੍ਰਣਾਲੀ ਵਿੱਚ ਸ਼ਾਮਲ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਧੋਖਾਧੜੀ ਨੂੰ ਅੰਜਾਮ ਦਿੱਤਾ ਜਾਂਦਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਡਿਜੀਟਲ ਸਬੂਤ ਵੀ ਹਾਸਲ ਕੀਤੇ ਗਏ ਹਨ।

ਪੁਲਿਸ ਦਾ ਮੰਨਣਾ ਹੈ ਕਿ ਇਸ ਗਿਰੋਹ ਦੇ ਤਾਰ ਬਿਹਾਰ ਦੇ ਹੋਰ ਜ਼ਿਲ੍ਹਿਆਂ ਅਤੇ ਕਈ ਪ੍ਰੀਖਿਆ ਕੇਂਦਰਾਂ ਨਾਲ ਵੀ ਜੁੜੇ ਹੋ ਸਕਦੇ ਹਨ। ਇਸ ਸਬੰਧੀ ਜਾਂਚ ਦਾ ਦਾਇਰਾ ਵਧਾ ਦਿੱਤਾ ਗਿਆ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ।