ਬਰਨਾਲਾ ਦੇ ਬੀਮਾ ਦਫ਼ਤਰ ਵਿੱਚ ਭਿਆਨਕ ਅੱਗ, ਅਹਿਮ ਰਿਕਾਰਡ ਸੜ ਕੇ ਸੁਆਹ
ਪਹਿਲਾਂ ਵੀ ਲੱਗ ਚੁੱਕੀ ਸੀ ਅੱਗ, ਫ਼ਾਇਰ ਸੇਫ਼ਟੀ ਨਿਯਮਾਂ ਦੀ ਅਣਦੇਖੀ ’ਤੇ ਕਾਰਵਾਈ ਦੀ ਤਿਆਰੀ
ਬਰਨਾਲਾ, ਬਰਨਾਲਾ ਦੇ ਧਨੌਲਾ ਰੋਡ ਸਥਿਤ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਪਹਿਲੀ ਮੰਜ਼ਿਲ ’ਤੇ ਬਣੇ ਦਫ਼ਤਰ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਦਫ਼ਤਰ ਦਾ ਅਹਿਮ ਰਿਕਾਰਡ, ਦਸਤਾਵੇਜ਼ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਮੁੱਢਲਾ ਕਾਰਨ ਸ਼ਾਰਟ ਸਰਕਟ ਜਾਂ ਹੋਰ ਤਕਨੀਕੀ ਨੁਕਸ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਅਤੇ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਕਾਫ਼ੀ ਜੱਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ ਗਿਆ।
ਜ਼ਿਲ੍ਹਾ ਫ਼ਾਇਰ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 8:58 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਰਵਾਨਾ ਹੋ ਗਈਆਂ। ਅੰਡਰਬ੍ਰਿਜ ਕਾਰਨ ਰਸਤਾ ਬਦਲਣਾ ਪਿਆ, ਫਿਰ ਵੀ ਪਹਿਲੀ ਗੱਡੀ ਦੋ ਮਿੰਟਾਂ ਦੇ ਅੰਦਰ ਮੌਕੇ ’ਤੇ ਪਹੁੰਚ ਗਈ। ਅੱਗ ਬੁਝਾਉਣ ਲਈ ਚਾਰ ਫ਼ਾਇਰ ਟੈਂਡਰ ਲਗਾਤਾਰ ਕਾਰਵਾਈ ਵਿੱਚ ਜੁਟੇ ਰਹੇ।
ਉਨ੍ਹਾਂ ਦੱਸਿਆ ਕਿ ਇਸੇ ਇਮਾਰਤ ਵਿੱਚ ਇਸ ਮਹੀਨੇ ਪਹਿਲਾਂ ਵੀ ਦੋ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਉਸ ਸਮੇਂ ਵੀ ਪ੍ਰਬੰਧਕਾਂ ਨੂੰ ਫ਼ਾਇਰ ਸੇਫ਼ਟੀ ਦੇ ਪੁਖ਼ਤਾ ਪ੍ਰਬੰਧ ਕਰਨ ਅਤੇ ਲੋੜੀਂਦੀ ਮਨਜ਼ੂਰੀ ਲੈਣ ਲਈ ਹਦਾਇਤਾਂ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਦੀ ਅਣਦੇਖੀ ਕੀਤੀ ਗਈ। ਦਫ਼ਤਰ ਵਿੱਚ ਅੱਗ ਬੁਝਾਉਣ ਦੇ ਲੋੜੀਂਦੇ ਸਾਧਨ ਵੀ ਮੌਜੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਲਾਪਰਵਾਹੀ ਦੇ ਮਾਮਲੇ ਵਿੱਚ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਨਾਲ ਹੀ ਸ਼ਹਿਰ ਭਰ ਵਿੱਚ ਫ਼ਾਇਰ ਸੇਫ਼ਟੀ ਪ੍ਰਬੰਧਾਂ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਕਮੇਟੀ ਦੇ ਵਲੰਟੀਅਰ ਵੀ ਤੁਰੰਤ ਮੌਕੇ ’ਤੇ ਪੁੱਜੇ ਅਤੇ ਫ਼ਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਮਿਲ ਕੇ ਅੱਗ ਬੁਝਾਉਣ ਦੇ ਕਾਰਜ ਵਿੱਚ ਸਹਿਯੋਗ ਦਿੱਤਾ। ਵਲੰਟੀਅਰਾਂ ਨੇ ਦੱਸਿਆ ਕਿ ਐਮਰਜੈਂਸੀ ਦੀ ਗੰਭੀਰਤਾ ਨੂੰ ਦੇਖਦਿਆਂ ਉਹ ਆਪਣੀ ਰਵਾਇਤੀ ਵਰਦੀ ਪਹਿਨਣ ਦੀ ਬਜਾਏ ਬਿਨਾਂ ਸਮਾਂ ਗਵਾਏ ਸਿੱਧੇ ਸੇਵਾ ਲਈ ਪਹੁੰਚੇ।