ਡੱਚ ਜੂਨੀਅਰ ਓਪਨ ਸਕੁਐਸ਼ ’ਚ ਭਾਰਤ ਦਾ ਝੰਡਾ ਬੁਲੰਦ
ਅਮਰਿਆ ਬਜਾਜ ਨੇ ਅੰਡਰ-13 ਵਰਗ ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ
ਐਮਸਟਰਡਮ, 6 ਜੁਲਾਈ (ਲੋਕਵਿਜ਼ਨ ) – ਭਾਰਤ ਦੇ ਹੋਣਹਾਰ ਸਕੁਐਸ਼ ਖਿਡਾਰੀ ਅਮਰਿਆ ਬਜਾਜ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਡੱਚ ਜੂਨੀਅਰ ਓਪਨ-2026 ਦੇ ਅੰਡਰ-13 ਲੜਕਿਆਂ ਦੇ ਵਰਗ ਦਾ ਖਿਤਾਬ ਆਪਣੇ ਨਾਂ ਕਰ ਲਿਆ। ਫਾਈਨਲ ਮੁਕਾਬਲੇ ਵਿੱਚ ਉਸ ਨੇ ਇੰਗਲੈਂਡ ਦੇ ਡੈਨੀਅਲ ਸਟੀਵਨਸਨ ਨੂੰ 3-1 ਨਾਲ ਹਰਾ ਕੇ ਇਹ ਵੱਕਾਰੀ ਖਿਤਾਬ ਜਿੱਤਿਆ।
ਅਮਰਿਆ ਨੇ ਟੂਰਨਾਮੈਂਟ ਦੌਰਾਨ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ ਵਿਸ਼ਵ ਦੇ ਕਈ ਮਜ਼ਬੂਤ ਖਿਡਾਰੀਆਂ ਨੂੰ ਹਰਾਉਂਦਿਆਂ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਉਸ ਨੇ ਆਪਣੇ ਅਭਿਆਨ ਦੀ ਸ਼ੁਰੂਆਤ ਮਿਸਰ ਦੇ ਖਿਡਾਰੀ ਨੂੰ 3-0 ਨਾਲ ਹਰਾਕੇ ਕੀਤੀ। ਇਸ ਤੋਂ ਬਾਅਦ ਦੂਜੇ ਦੌਰ ਵਿੱਚ ਇੰਗਲੈਂਡ ਦੇ ਅਰਲੋ ਸਮਿਥ ਨੂੰ ਵੀ 3-0 ਨਾਲ ਮਾਤ ਦਿੱਤੀ।
ਪ੍ਰੀ-ਕੁਆਰਟਰ ਫਾਈਨਲ ਵਿੱਚ ਭਾਰਤੀ ਖਿਡਾਰੀ ਨੇ ਸਿੰਗਾਪੁਰ ਦੇ ਕੇਲੇਨ ਲੋਅ ਨੂੰ 3-0 ਨਾਲ ਹਰਾਇਆ, ਜਦਕਿ ਕੁਆਰਟਰ ਫਾਈਨਲ ਵਿੱਚ ਮਿਸਰ ਦੇ ਬਦਰ ਹਸਨ ਨੂੰ 3-1 ਨਾਲ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਬਣਾਈ। ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ ਹੰਗਰੀ ਦੇ ਯੂਰਪੀਅਨ ਨੰਬਰ ਇਕ ਖਿਡਾਰੀ ਐਲੇਕਸ ਕੋਸਜ਼ਟਿਊ ਨਾਲ ਹੋਇਆ, ਜਿਸ ਨੂੰ ਉਸ ਨੇ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਵਿੱਚ ਅਮਰਿਆ ਨੇ ਸ਼ੁਰੂ ਤੋਂ ਹੀ ਆਤਮ-ਵਿਸ਼ਵਾਸ ਨਾਲ ਖੇਡਦਿਆਂ ਇੰਗਲੈਂਡ ਦੇ ਚੋਟੀ ਦੇ ਦਰਜਾ ਪ੍ਰਾਪਤ ਡੈਨੀਅਲ ਸਟੀਵਨਸਨ ਨੂੰ 3-1 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਹੀ ਅਮਰਿਆ ਬਜਾਜ ਨੇ ਚੀਨ ਵਿੱਚ ਹੋਈ ਏਸ਼ੀਅਨ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਵੀ ਜਿੱਤਿਆ ਸੀ। ਸਿਰਫ਼ 13 ਸਾਲ ਦੀ ਉਮਰ ਵਿੱਚ ਉਸ ਦੇ ਖਾਤੇ ਵਿੱਚ ਦੋ ਏਸ਼ੀਅਨ ਜੂਨੀਅਰ ਤਗਮਿਆਂ ਦੇ ਨਾਲ ਹੁਣ ਡੱਚ ਜੂਨੀਅਰ ਓਪਨ ਦਾ ਖਿਤਾਬ ਵੀ ਸ਼ਾਮਲ ਹੋ ਗਿਆ ਹੈ।
ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਅਮਰਿਆ ਦੀ ਇਹ ਪ੍ਰਾਪਤੀ ਭਾਰਤੀ ਸਕੁਐਸ਼ ਲਈ ਵੀ ਵੱਡੀ ਸਫ਼ਲਤਾ ਹੈ। ਉਸ ਦੀ ਜਿੱਤ ਨੇ ਇਹ ਸਾਬਤ ਕੀਤਾ ਹੈ ਕਿ ਭਾਰਤ ਦੇ ਨੌਜਵਾਨ ਖਿਡਾਰੀ ਹੁਣ ਵਿਸ਼ਵ ਪੱਧਰ ’ਤੇ ਵੀ ਆਪਣੀ ਮਜ਼ਬੂਤ ਪਛਾਣ ਬਣਾ ਰਹੇ ਹਨ। ਅਮਰਿਆ ਤੋਂ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਲਈ ਹੋਰ ਵੱਡੀਆਂ ਉਪਲਬਧੀਆਂ ਦੀ ਉਮੀਦ ਕੀਤੀ ਜਾ ਰਹੀ ਹੈ।